ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਜ਼ਬਰਦਸਤ ਭੂਚਾਲ।
ਚੰਡੀਗੜ੍ਹ, 8 ਜੂਨ – ਸੋਮਵਾਰ ਸਵੇਰੇ 7:30 ਦੇ ਕਰੀਬ ਫਿਲੀਪੀਨਜ਼ ਵਿੱਚ 7.8 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ।ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕਈ ਘਰ ਨੁਕਸਾਨੇ ਗਏ ਹਨ ਅਤੇ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਭੂਚਾਲ ਦਾ ਕੇਂਦਰ ਮਿੰਡਾਨਾਓ ਟਾਪੂ ‘ਤੇ ਜਨਰਲ ਸੈਂਟੋਸ ਸਿਟੀ ਤੋਂ ਲਗਭਗ 13 ਕਿਲੋਮੀਟਰ ਦੱਖਣ-ਪੱਛਮ ਵਿੱਚ ਸੀ। ਫਿਲੀਪੀਨ ਭੂਚਾਲ ਵਿਗਿਆਨ ਸੰਸਥਾ ਨੇ ਡੂੰਘਾਈ 10 ਕਿਲੋਮੀਟਰ ਹੋਣ ਦਾ ਅਨੁਮਾਨ ਲਗਾਇਆ ਹੈ, ਜਦੋਂ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਨੇ 7.8 ਤੀਬਰਤਾ ਅਤੇ 55 ਕਿਲੋਮੀਟਰ ਡੂੰਘਾਈ ਦਰਜ ਕੀਤੀ ਹੈ।ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਨੇ ਚੇਤਾਵਨੀ ਦਿੱਤੀ ਹੈ ਕਿ 3 ਮੀਟਰ ਉੱਚੀਆਂ ਲਹਿਰਾਂ ਫਿਲੀਪੀਨਜ਼ ਦੇ ਕੁਝ ਤੱਟਵਰਤੀ ਖੇਤਰਾਂ ਤੱਕ ਪਹੁੰਚ ਸਕਦੀਆਂ ਹਨ। ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਕੁਝ ਤੱਟਾਂ ‘ਤੇ 1 ਮੀਟਰ ਉੱਚੀਆਂ ਲਹਿਰਾਂ ਦਾ ਖ਼ਤਰਾ ਹੈ। ਭੂਚਾਲ ਕਾਰਨ ਕਈ ਖੇਤਰਾਂ ਵਿੱਚ ਬਿਜਲੀ ਗੁੱਲ ਹੋ ਗਈ। ਜਨਰਲ ਸੈਂਟੋਸ ਸਿਟੀ ਵਿੱਚ ਕਈ ਘਰਾਂ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਸਥਾਨਕ ਪੁਲਿਸ ਨੇ ਇੱਕ ਮੌਤ ਦੀ ਪੁਸ਼ਟੀ ਕੀਤੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਅਧਿਕਾਰੀਆਂ ਨੇ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।













