24 ਘੰਟਿਆਂ ਵਿੱਚ ਨੋਡਲ ਅਫ਼ਸਰ ਦੀ ਨਿਯੁਕਤੀ, ਮੌਕੇ ਦੀ ਜਾਂਚ ਅਤੇ ਕਾਰਵਾਈ ਰਿਪੋਰਟ ਦੀ ਮੰਗ
ਪੀਣ ਵਾਲੇ ਪਾਣੀ, ਪਖਾਨਿਆਂ, ਰੌਸ਼ਨੀ, ਸਫ਼ਾਈ ਅਤੇ ਝੋਨੇ ਦੀ ਲਿਫਟਿੰਗ ਦੇ ਪ੍ਰਬੰਧਾਂ ਵਿੱਚ ਸੁਧਾਰ ਲਈ ਚੁੱਕੀ ਆਵਾਜ਼
ਫ਼ਰੀਦਕੋਟ, 26 ਅਕਤੂਬਰ: ( ਪਰਵਿੰਦਰ ਸਿੰਘ ਕੰਧਾਰੀ) ਆਮ ਆਦਮੀ ਪਾਰਟੀ ਪੰਜਾਬ ਦੇ ਵਪਾਰ ਵਿੰਗ ਦੇ ਸੂਬਾ ਮੀਤ ਪ੍ਰਧਾਨ ਅਤੇ ਸੀਨੀਅਰ ਆਗੂ ਅਰਸ਼ ਸੱਚਰ ਨੇ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦੇ ਦੌਰਿਆਂ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਵਿਸਥਾਰਪੂਰਵਕ ਰਿਪੋਰਟ ਭੇਜ ਕੇ ਤੁਰੰਤ ਹੱਲ ਦੀ ਮੰਗ ਕੀਤੀ ਹੈ।
ਅਰਸ਼ ਸੱਚਰ ਨੇ ਦੱਸਿਆ ਕਿ ਫ਼ਰੀਦਕੋਟ, ਦੀਪ ਸਿੰਘ ਵਾਲਾ, ਸ਼ੇਰ ਸਿੰਘ ਵਾਲਾ, ਡੋਡ, ਮਚਾਕੀ ਕਲਾਂ, ਭਾਗਥਲਾ, ਪਹਿਲੂਵਾਲਾ, ਹਰਦਿਆਲੇਆਣਾ ਅਤੇ ਗੋਲੇਵਾਲਾ ਦੀਆਂ ਮੰਡੀਆਂ ਵਿੱਚ ਪਖਾਨਿਆਂ, ਪੀਣ ਵਾਲੇ ਪਾਣੀ, ਲਾਈਟਾਂ, ਸਫ਼ਾਈ, ਪੱਕੇ ਫੜ੍ਹਾਂ ਅਤੇ ਬਿਜਲੀ ਸਬੰਧੀ ਕਈ ਜ਼ਰੂਰਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਹੋਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਮੰਡੀਆਂ ਦੇ ਆਰਜ਼ੀ ਪ੍ਰਬੰਧਾਂ ਦੇ ਟੈਂਡਰਾਂ ਦੀ ਜਾਂਚ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਸਰਕਾਰੀ ਖਰਚੇ ਅਨੁਸਾਰ ਸਾਰੀਆਂ ਨਿਰਧਾਰਤ ਸਹੂਲਤਾਂ ਜ਼ਮੀਨੀ ਪੱਧਰ ‘ਤੇ ਮੁਹੱਈਆ ਹੋ ਰਹੀਆਂ ਹਨ।
ਝੋਨੇ ਦੀ ਲਿਫਟਿੰਗ ਨੂੰ ਹੋਰ ਸੁਚਾਰੂ ਬਣਾਉਣ ਲਈ ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰੀ ਨੀਤੀ ਅਨੁਸਾਰ ਜਿੱਥੇ ਸੰਭਵ ਹੋਵੇ, ਇੱਕ ਮੰਡੀ ਨੂੰ ਦੋ ਜਾਂ ਤਿੰਨ ਯੋਗ ਸ਼ੈਲਰਾਂ ਨਾਲ ਜੋੜਨ ਦੀ ਸੰਭਾਵਨਾ ਵਿਚਾਰੀ ਜਾਵੇ, ਤਾਂ ਜੋ ਲਿਫਟਿੰਗ ਵਿੱਚ ਦੇਰੀ ਘਟੇ ਅਤੇ ਕਿਸਾਨਾਂ ਨੂੰ ਰਾਹਤ ਮਿਲੇ।
ਅਰਸ਼ ਸੱਚਰ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ 24 ਘੰਟਿਆਂ ਅੰਦਰ ਨੋਡਲ ਅਫ਼ਸਰ ਨਿਯੁਕਤ ਕਰਕੇ ਸਮੱਸਿਆਵਾਂ ਦੀ ਮੌਕੇ ‘ਤੇ ਜਾਂਚ ਅਤੇ ਮੁੱਢਲੀ ਕਾਰਵਾਈ ਰਿਪੋਰਟ ਤਿਆਰ ਕਰਵਾਈ ਜਾਵੇ, ਜਦਕਿ ਬਾਕੀ ਜ਼ਰੂਰੀ ਕੰਮਾਂ ਦੀ ਸੱਤ ਦਿਨਾਂ ਅੰਦਰ ਸਮੀਖਿਆ ਕੀਤੀ ਜਾਵੇ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮਕਸਦ ਪ੍ਰਸ਼ਾਸਨ ਨਾਲ ਮਿਲ ਕੇ ਜ਼ਮੀਨੀ ਸਮੱਸਿਆਵਾਂ ਦਾ ਉਸਾਰੂ ਅਤੇ ਸਥਾਈ ਹੱਲ ਕਰਵਾਉਣਾ ਹੈ।
ਅਰਸ਼ ਸੱਚਰ ਨੇ ਕਿਹਾ, “ਸਾਡਾ ਮਕਸਦ ਸਿਰਫ਼ ਸਮੱਸਿਆਵਾਂ ਉਠਾਉਣਾ ਨਹੀਂ, ਸਗੋਂ ਉਨ੍ਹਾਂ ਦਾ ਹੱਲ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰਨਾ ਹੈ। ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ ਲਈ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਾਂਗੇ ਅਤੇ ਹਰ ਜਾਇਜ਼ ਸਮੱਸਿਆ ਦੇ ਹੱਲ ਲਈ ਆਵਾਜ਼ ਉਠਾਉਂਦੇ ਰਹਾਂਗੇ।”
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪ੍ਰਸ਼ਾਸਨ ਇਸ ਰਿਪੋਰਟ ‘ਤੇ ਤੁਰੰਤ ਕਾਰਵਾਈ ਕਰਕੇ ਮੰਡੀਆਂ ਦੇ ਪ੍ਰਬੰਧਾਂ ਨੂੰ ਹੋਰ ਬਿਹਤਰ ਬਣਾਏਗਾ।
“ਕਿਸਾਨਾਂ ਦੀ ਖੁਸ਼ਹਾਲੀ, ਸਾਡੀ ਪਹਿਲ – ਲੋਕ ਸੇਵਾ ਲਈ ਹਰ ਸਮੇਂ ਵਚਨਬੱਧ।”













