ਐਨ.ਐਸ.ਐਸ. ਦੀ 75ਵੀਂ ਸਾਲਗਿਰ੍ਹਾ ਮੌਕੇ ਐਨ.ਐਸ.ਓ. ਫਰੀਦਕੋਟ ਅਤੇ ਖੇਤੀਬਾੜੀ ਵਿਭਾਗ ਵੱਲੋਂ ਰੁੱਖ ਲਗਾਉਣ ਮੁਹਿੰਮ ਦਾ ਆਗਾਜ਼।
ਫਰੀਦਕੋਟ, 1 ਅਗਸਤ ਨੈਸ਼ਨਲ ਸੈਂਪਲ ਸਰਵੇ (ਐਨ.ਐਸ.ਐਸ.) ਦੀ 75ਵੀਂ ਸਾਲਗਿਰ੍ਹਾ ਦੇ ਮੌਕੇ ‘ਤੇ ਨੈਸ਼ਨਲ ਸਟੈਟਿਸਟੀਕਲ ਆਫਿਸ (ਐਨ.ਐਸ.ਓ.) ਫਰੀਦਕੋਟ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਰੁੱਖ ਲਗਾਉਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਇਹ ਮੁਹਿੰਮ 29 ਜੁਲਾਈ ਤੋਂ ਆਰੰਭ ਹੋਈ ਜਿਸ ਦਾ ਉਦੇਸ਼ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ, ਜੈਵ ਵਿਭਿੰਨਤਾ ਵਿੱਚ ਵਾਧਾ ਅਤੇ ਖੇਤਰੀ ਪੱਧਰ ‘ਤੇ ਪ੍ਰਾਕ੍ਰਿਤਿਕ ਸੰਸਾਧਨਾਂ ਦੀ ਰੱਖਿਆ ਵੱਲ ਧਿਆਨ ਕੇਂਦਰਿਤ ਕਰਨਾ ਹੈ।ਇਸ ਮੌਕੇ ਦਫ਼ਤਰ ਮੁਖੀ ਐਨ.ਐਸ.ਓ. ਫਰੀਦਕੋਟ ਸ਼੍ਰੀ ਸ਼ਸ਼ੀ ਕਾਂਤ ਤ੍ਰਿਪਾਠੀ ਨੇ ਐਨ.ਐਸ.ਐਸ. ਦੀ 75 ਸਾਲਾਂ ਦੀ ਯਾਤਰਾ ਦੌਰਾਨ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਦੇ ਨਿਰਧਾਰਨ ਲਈ ਇਸ ਸੰਸਥਾ ਵੱਲੋਂ ਦਿੱਤੇ ਗਏ ਅਹੰਮ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐਨ.ਐਸ.ਓ. ਵੱਲੋਂ ਕੀਤਾ ਗਿਆ ਇਹ ਰੁੱਖ ਲਗਾਉਣ ਯਤਨ ਸਿਰਫ ਵਾਤਾਵਰਣਿਕ ਭੂਮਿਕਾ ਨਹੀਂ ਨਿਭਾਉਂਦਾ, ਸਗੋਂ ਇਹ ਸੰਗਠਨ ਦੀ ਸਮਾਜਕ ਜ਼ਿੰਮੇਵਾਰੀ ਅਤੇ ਭਾਈਚਾਰਕ ਭਲਾਈ ਵੱਲ ਵਚਨਬੱਧਤਾ ਦਾ ਪ੍ਰਗਟਾਵਾ ਵੀ ਕਰਦਾ ਹੈ।ਮੁੱਖ ਖੇਤੀਬਾੜੀ ਅਫਸਰ ਸ਼੍ਰੀ ਕੁਲਵੰਤ ਸਿੰਘ ਸੰਧੂ ਨੇ ਇਸ ਮੌਕੇ ਰੁੱਖਾਂ ਦੀ ਲੋੜ ਤੇ ਲਾਭ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਰੁੱਖ ਲਗਾਉਣ ਨਾਲ ਮਿੱਟੀ ਦੀ ਗੁਣਵੱਤਾ ਬਹਾਲ ਰਹਿੰਦੀ ਹੈ, ਪਾਣੀ ਦੀ ਸੰਭਾਲ ਹੁੰਦੀ ਹੈ ਅਤੇ ਇਹ ਕਿਸਾਨਾਂ ਲਈ ਆਮਦਨ ਦਾ ਨਵਾਂ ਸਰੋਤ ਵੀ ਬਣ ਸਕਦੇ ਹਨ। ਉਨ੍ਹਾਂ ਨੇ ਮੌਸਮ ਅਨੁਕੂਲ ਅਤੇ ਦੇਸੀ ਪੌਦਿਆਂ ਦੀ ਵਰਤੋਂ ਤੇ ਵੀ ਜ਼ੋਰ ਦਿੱਤਾ।ਅੰਤ ਵਿੱਚ ਸੀਨੀਅਰ ਅੰਕੜਾ ਅਧਿਕਾਰੀ ਸ਼੍ਰੀ ਨਿਤੀਸ਼ ਗਰਗ ਨੇ ਖੇਤੀਬਾੜੀ ਵਿਭਾਗ ਅਤੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ, ਰੁੱਖਾਂ ਦੀ ਸੰਭਾਲ ਅਤੇ ਵਾਤਾਵਰਣ ਸੁਰੱਖਿਆ ਸੰਬੰਧੀ ਹੋਰ ਗਤੀਵਿਧੀਆਂ ਨੂੰ ਵੀ ਨਿਰੰਤਰ ਅੱਗੇ ਵਧਾਉਣ ਦੀ ਅਪੀਲ ਕੀਤੀ।ਇਸ ਮੌਕੇ ਸ਼੍ਰੀ ਕੁਲਵਿੰਦਰ ਸਿੰਘ (ਅੰਕੜਾ ਇੰਚਾਰਜ), ਸ਼੍ਰੀ ਗੁਰਬਚਨ ਸਿੰਘ (ਖੇਤੀਬਾੜੀ ਵਿਸਥਾਰ ਅਧਿਕਾਰੀ), ਸ਼੍ਰੀ ਨਿਤਿਨ ਸੈਣੀ (ਸੀਨੀਅਰ ਅੰਕੜਾ ਅਧਿਕਾਰੀ), ਸ਼੍ਰੀ ਨਿਤੀਸ਼ ਗਰਗ (ਸੀਨੀਅਰ ਅੰਕੜਾ ਅਧਿਕਾਰੀ) ਸਮੇਤ ਹੋਰ ਐਸ.ਆਰ.ਓ. ਅਧਿਕਾਰੀ ਵੀ ਮੌਜੂਦ ਸਨ।







