ਵਿਸ਼ਵ ਦਿਲ ਦਿਵਸ ਮੌਕੇ ਕੋਟਕਪੂਰਾ ਆਸ਼ਰਮ ਵਿਖੇ ਜਾਗਰੂਕਤਾ ਪ੍ਰੋਗਰਾਮਵਿਸ਼ਵ ਦਿਲ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ
ਕੋਟਕਪੂਰਾ, 27 ਸਤੰਬਰ: ( ਪਰਵਿੰਦਰ ਸਿੰਘ ਕੰਧਾਰੀ)ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮੋਗਾ ਰੋਡ ਸਥਿਤ ਕੋਟਕਪੂਰਾ ਆਸ਼ਰਮ ਵਿਖੇ ਵਿਸ਼ਵ ਦਿਲ ਦਿਵਸ ਦੇ ਮੌਕੇ ’ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਦਿਲ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਪ੍ਰਤੀ ਜਾਗਰੂਕ ਕੀਤਾ ਗਿਆ।ਇਸ ਮੌਕੇ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਸੰਗਲਤਾ ਭਾਰਤੀ ਜੀ ਨੇ ਕਿਹਾ ਕਿ ਹਰ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਅਧਿਆਤਮ ਦੇ ਨਾਲ-ਨਾਲ ਸਿਹਤ ਸਬੰਧੀ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਇਸੇ ਉਦੇਸ਼ ਤਹਿਤ ਸੰਸਥਾਨ ਦੇ ‘ਆਰੋਗਯ ਪ੍ਰੋਜੈਕਟ’ ਅਧੀਨ ਵਿਸ਼ਵ ਦਿਲ ਦਿਵਸ ਮਨਾਇਆ ਗਿਆ।ਸਾਧਵੀ ਸੰਗਲਤਾ ਭਾਰਤੀ ਜੀ ਨੇ ਕਿਹਾ ਕਿ ਅੱਜ ਦੀ ਭੱਜ-ਦੌੜ ਭਰੀ ਜੀਵਨਸ਼ੈਲੀ, ਅਨਿਯਮਿਤ ਖਾਣ-ਪੀਣ, ਤਣਾਅ, ਸਰੀਰਕ ਗਤੀਵਿਧੀਆਂ ਦੀ ਘਾਟ ਅਤੇ ਨਸ਼ਿਆਂ ਦੀਆਂ ਆਦਤਾਂ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਦਿਲ ਲਈ ਸੰਤੁਲਿਤ ਤੇ ਪੌਸ਼ਟਿਕ ਆਹਾਰ, ਨਿਯਮਿਤ ਕਸਰਤ ਜਾਂ ਯੋਗ, ਪੂਰੀ ਨੀਂਦ ਅਤੇ ਤਣਾਅ ’ਤੇ ਕਾਬੂ ਰੱਖਣਾ ਜ਼ਰੂਰੀ ਹੈ।ਉਨ੍ਹਾਂ ਨੇ ਸਿਹਤ ਦੀ ਸਮੇਂ-ਸਮੇਂ ’ਤੇ ਜਾਂਚ ਕਰਵਾਉਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗਣ ਨਾਲ ਸਿਹਤ ਪ੍ਰਤੀ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਿਲ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹੈ ਅਤੇ ਇਸ ਦੀ ਸੰਭਾਲ ਬਿਮਾਰੀ ਹੋਣ ਤੋਂ ਬਾਅਦ ਨਹੀਂ, ਸਗੋਂ ਤੰਦਰੁਸਤ ਰਹਿੰਦੇ ਹੋਏ ਵੀ ਕਰਨੀ ਚਾਹੀਦੀ ਹੈ।ਇਸ ਮੌਕੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਸਿਹਤਮੰਦ ਆਦਤਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਦਿਲ ਦੀ ਸਿਹਤ ਪ੍ਰਤੀ ਜਾਗਰੂਕ ਕਰਨ। ਪ੍ਰੋਗਰਾਮ ਦੇ ਅੰਤ ਵਿੱਚ ਸਮੂਹ ਸੰਗਤ ਨੇ ਆਪਣੇ ਦਿਲ ਦੀ ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦਾ ਸੰਕਲਪ ਲਿਆ।













