ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਜੂਨ;- ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਆਪਣੇ ਘਰਾਂ ਤੋਂ ਦੂਰ ਰਹਿਣ ਵਾਲੀਆਂ ਕੰਮ-ਕਾਜੀ ਔਰਤਾਂ ਨੂੰ ਸੁਰੱਖਿਆਤ ਅਤੇ ਸਹੂਲਤਾਂ ਨਾਲ ਲੈਸ ਨਾਮਾਤਰ ਕੀਮਤਾਂ ‘ਤੇ ਠਾਹਰ ਮੁਹਈਆ ਕਰਵਾਉ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਪੰਜ ਵਰਕਿੰਗ ਵਿਮੈਨ ਹੋਸਟਲ ਬਣਾਏ ਜਾ ਰਹੇ ਹਨ।
ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੋਹਾਲੀ ਵਿਖੇ ਸੈਕਟਰ 66 ਵਿਖੇ ਐਮ ਐਲ ਏ ਕੁਲਵੰਤ ਸਿੰਘ ਦੀ ਮੌਜੂਦਗੀ ਵਿੱਚ ਸੱਤ ਮੰਜ਼ਲੀ ਵਰਕਿੰਗ ਵਿਮੈਨ ਹੋਸਟਲ ਦੀ ਉਸਾਰੀ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹੋਸਟਲ ਦੀ ਤਾਮੀਰ ‘ਤੇ ਕਰੀਬ 70 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵੱਲੋਂ ਜੰਗੀ ਪੱਧਰ ‘ਤੇ ਜਾਰੀ ਹੈ। ਇਹ ਹੋਸਟਲ ਪੰਜਾਬ ਦਾ ਸਭ ਤੋਂ ਵੱਡਾ ਸਰਕਾਰੀ ਖੇਤਰ ਦਾ ਵਰਕਿੰਗ ਵਿਮੈਨ ਹੋਸਟਲ ਹੋਵੇਗਾ ਜਿੱਥੇ ਕਿ 484 ਮਹਿਲਾਵਾਂ ਨੂੰ ਰਹਿਣ ਦੀ ਅਤਿ ਆਧੁਨਿਕ ਤੇ ਸੁਰੱਖਿਅਤ ਸਹੂਲਤ ਮਿਲੇਗੀ। ਇਸ ਹੋਸਟਲ ਵਿੱਚ ਸਿੰਗਲ ਰੂਮ, ਡਬਲ ਰੂਮ ਅਤੇ ਡੋਰਮੈਟਰੀ ਰੂਮ ਵੀ ਹੋਣਗੇ। ਕੰਮਕਾਜੀ ਔਰਤਾਂ ਦੇ ਨਾਲ ਰਹਿਣ ਵਾਲੇ ਬੱਚਿਆਂ ਵਾਸਤੇ ਕਰੈਚ ਦੀ ਸਹੂਲਤ ਵੀ ਹੋਵੇਗੀ। ਇਸ ਤੋਂ ਇਲਾਵਾ ਮਨਪ੍ਰਚਾਵੇ ਲਈ ਇੰਨਡੋਰ ਖੇਡਾਂ ਦਾ ਪ੍ਰਬੰਧ ਵੀ ਹੋਵੇਗਾ।
ਉਹਨਾਂ ਦੱਸਿਆ ਕਿ ਇਹ ਮੋਹਾਲੀ ਵਿਖੇ ਬਣ ਰਿਹਾ ਤੀਸਰਾ ਵਰਕਿੰਗ ਵਿਮੈਨ ਹੋਸਟਲ ਹੈ। ਇਸ ਤੋਂ ਪਹਿਲਾਂ ਨਿਫ਼ਟ ਮੁਹਾਲੀ ਫੇਸ 1 ਵਿਖੇ 25.26 ਕਰੋੜ ਰੁਪਏ ਦੀ ਲਾਗਤ ਨਾਲ 150 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਨਿਰਮਾਣ ਅਧੀਨ ਹੈ। ਇਸੇ ਤਰ੍ਹਾਂ ਸੈਕਟਰ 79 ਮੁਹਾਲੀ ਵਿਖੇ 100 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ ਵਰਕਿੰਗ ਵਿਮੈਨ ਹੋਸਟਲ ਵੀ ਤੇਜ਼ੀ ਨਾਲ ਉਸਾਰੀ ਅਧੀਨ ਹੈ। ਇਸ ਹੋਸਟਲ ਤੇ 12.57 ਕਰੋੜ ਰੁਪਏ ਦੀ ਲਾਗਤ ਆਵੇਗੀ।ਉਹਨਾਂ ਦੱਸਿਆ ਕਿ ਮੋਹਾਲੀ ਵਿਖੇ ਬਣ ਰਹੇ ਉਕਤ ਤਿੰਨ ਵਰਕਿੰਗ ਵਿਮੈਨ ਹੋਸਟਲਾਂ ਤੋਂ ਇਲਾਵਾ ਵਿਭਾਗ ਵੱਲੋਂ ਗਾਂਧੀ ਵਿਨੀਤਾ ਆਸ਼ਰਮ ਜਲੰਧਰ ਵਿਖੇ 100 ਔਰਤਾਂ ਦੇ ਰਹਿਣ ਦੀ ਸਮਰੱਥਾ ਵਾਲਾ 10.11 ਕਰੋੜ ਰੁਪਏ ਦੀ ਲਾਗਤ ਵਾਲਾ ਹੋਸਟਲ ਅਤੇ ਅੰਮ੍ਰਿਤਸਰ ਵਿਖੇ 150 ਔਰਤਾਂ ਦੀ ਰਿਹਾਇਸ਼ ਦੀ ਸਮਰੱਥਾ ਵਾਲਾ 27.34 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਵਰਕਿੰਗ ਵੇਮੈਨ ਹੋਸਟਲ ਨਿਰਮਾਣ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹੋਸਟਲ ਬਹੁਤ ਜਲਦੀ ਮਿੱਥੇ ਸਮੇਂ ਮੁਤਾਬਿਕ ਤਿਆਰ ਕਰ ਲਏ ਜਾਣਗੇ। ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਇਹਨਾਂ ਵਰਕਿੰਗ ਵਿਮੈਨ ਹੋਸਟਲਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਬਹੁਤ ਹੀ ਵਾਜਬ ਅਤੇ ਨਾ-ਮਾਤਰ ਕਿਰਾਏ ‘ਤੇ ਰਿਹਾਇਸ਼ ਉਪਲਬਧ ਕਰਵਾਈ ਜਾਵੇਗੀ













