ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਦੂਸ਼ਿਤ ਪਾਣੀ ਪੀਣ ਕਾਰਨ 30 ਤੋਂ ਵੱਧ ਬੱਚਿਆਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਆਦਾ ਹਾਲਤ ਖ਼ਰਾਬ ਹੋਣ ਕਾਰਨ ਕਰੀਬ 30 ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।
ਛੇ ਬੱਚਿਆਂ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ, ਜਦਕਿ ਬਾਕੀ ਬੱਚੇ ਅਜੇ ਵੀ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ।
ਸਿਹਤ ਵਿਭਾਗ ਮੁਤਾਬਕ ਇਹ ਬੱਚੇ ਲੈਪਟੋਸਪਾਇਰੋਸਿਸ ਨਾਮ ਦੀ ਬਿਮਾਰੀ ਤੋਂ ਪੀੜਤ ਪਾਏ ਗਏ ਹਨ। ਲੈਪਟੋਸਪਾਇਰੋਸਿਸ ਇੱਕ ਬੈਕਟੀਰੀਆ ਦੀ ਲਾਗ ਹੈ ਜੋ ਅਕਸਰ ਦੂਸ਼ਿਤ ਪਾਣੀ ਜਾਂ ਮਿੱਟੀ ਰਾਹੀਂ ਫੈਲਦੀ ਹੈ।
ਇਸ ਪਿੰਡ ਦੀ ਇੱਕ 12 ਸਾਲਾ ਕੁੜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਵੀ ਹੋਈ ਹੈ। ਇਸ ਕੁੜੀ ਵਿੱਚ ਵੀ ਲੈਪਟੋਸਪਾਇਰੋਸਿਸ ਬਿਮਾਰੀ ਦੇ ਲੱਛਣ ਸਨ। ਪਰ ਕੁੜੀ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਨਾ ਹੋਣ ਕਾਰਨ ਉਸਦੀ ਬਿਮਾਰੀ ਦਾ ਰਿਕਾਰਡ ਸਿਹਤ ਵਿਭਾਗ ਕੋਲ ਨਹੀਂ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਅਚਾਨਕ ਤੇਜ਼ ਬੁਖ਼ਾਰ ਅਤੇ ਉਲਟੀਆਂ ਆਉਣ ਲੱਗੀਆਂ। ਸ਼ੁਰੂ ਵਿੱਚ ਪਰਿਵਾਰਾਂ ਨੇ ਘਰ ਵਿੱਚ ਹੀ ਇਲਾਜ ਕਰਵਾਇਆ, ਪਰ ਜਦੋਂ ਹਾਲਤ ਸੰਭਲਣ ਦੀ ਬਜਾਏ ਵਿਗੜਣ ਲੱਗੀ ਤਾਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਲੈਪਟੋਸਪਾਇਰੋਸਿਸ ਬੀਮਾਰੀ ਕਦੋਂ ਫੈਲੀਇਸ ਬਿਮਾਰੀ ਦੇ ਫੈਲਣ ਦਾ ਪਤਾ 21 ਫ਼ਰਵਰੀ ਨੂੰ ਲੱਗਾ, ਜਦੋਂ 12 ਸਾਲਾ ਸੇਜਲ ਦੀ ਕਥਿਤ ਤੌਰ ਉੱਤੇ ਇਸ ਬਿਮਾਰੀ ਨਾਲ ਮੌਤ ਹੋ ਗਈ ਸੀ। ਸੇਜਲ ਨੂੰ ਵੀ ਬੁਖ਼ਾਰ ਅਤੇ ਉਲਟੀਆਂ ਦੀ ਸ਼ਿਕਾਇਤ ਸੀ।ਡਾ. ਰੇਖਾ ਭਾਟੀ, ਕਾਰਜਕਾਰੀ ਐੱਸਐੱਮਓ, ਕਮਿਊਨਿਟੀ ਹੈਲਥ ਸੈਂਟਰ, ਮਮਦੋਟ ਕਹਿੰਦੇ ਹਨ, “ਹੋ ਸਕਦਾ ਹੈ ਕਿ ਸੇਜਲ ਦੀ ਮੌਤ ਲੈਪਟੋਸਪਾਇਰੋਸਿਸ ਨਾਲ ਹੋਈ ਹੋਵੇ, ਕਿਉਂਕਿ ਉਸਦੇ ਬਿਮਾਰ ਹੋਣ ਦੇ ਲੱਛਣ ਵੀ ਇਸ ਬਿਮਾਰੀ ਦੇ ਲੱਛਣਾਂ ਨਾਲ ਮਿਲਦੇ ਸਨ। ਪਰ ਉਸਦੇ ਟੈਸਟ ਨਹੀਂ ਹੋਏ। ਇਸ ਲਈ ਅਸੀਂ ਯਕੀਨੀ ਤੌਰ ਉੱਤੇ ਨਹੀਂ ਕਹਿ ਸਕਦੇ ਕਿ ਉਹ ਲੈਪਟੋਸਪਾਇਰੋਸਿਸ ਨਾਲ ਪੀੜਤ ਸੀ।”ਸੇਜਲ ਦੀ ਮੌਤ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਵਿੱਚ ਸਰਵੇ ਕੀਤਾ। ਮਗਰੋਂ ਜਦੋਂ ਹੋਰ ਬੱਚੇ ਪੋਜ਼ੀਟਿਵ ਆਉਣ ਲੱਗੇ ਤਾਂ ਵਿਭਾਗ ਨੇ ਪਿੰਡ ਵਿੱਚ ਅਸਥਾਈ ਕੈਂਪ ਲਗਾ ਲਿਆ।
ਹੁਣ ਵਿਭਾਗ ਰੋਜ਼ਾਨਾ ਪੀਣ ਵਾਲੇ ਪਾਣੀ ਦੇ ਸੈਂਪਲ ਲੈ ਰਿਹਾ ਹੈ ਅਤੇ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਵੀ ਕਰ ਰਿਹਾ ਹੈ।ਸੇਜਲ ਦੀ ਦਾਦੀ ਬਲਵੀਰੋ ਨੇ ਦੱਸਿਆ, “ਪਹਿਲਾਂ ਅਸੀਂ ਸੋਚਿਆ ਕਿ ਸੇਜਲ ਨੂੰ ਸਧਾਰਨ ਬੁਖ਼ਾਰ ਹੈ। ਅਸੀਂ ਕਿਸੇ ਨਿੱਜੀ ਡਾਕਟਰ ਤੋਂ ਉਸਦਾ ਇਲਾਜ ਕਰਵਾਇਆ। ਇਲਾਜ ਦੌਰਾਨ ਉਹ ਠੀਕ ਹੋ ਗਈ ਅਤੇ ਅਸੀਂ ਉਸਨੂੰ ਘਰ ਵਾਪਸ ਲੈ ਆਏ।””ਫਿਰ ਉਹ ਦੁਬਾਰਾ ਬਿਮਾਰ ਹੋ ਗਈ ਅਤੇ ਜਦੋਂ ਅਸੀਂ ਉਸਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ।”
ਬੀਮਾਰੀ ਕਿਵੇਂ ਫੈਲੀਸਿਹਤ ਵਿਭਾਗ ਮੁਤਾਬਕ ਪਿੰਡ ਦੇ ਬੱਚੇ ਦੂਸ਼ਿਤ ਪਾਣੀ ਪੀਣ ਨਾਲ ਬਿਮਾਰ ਹੋਏ ਹਨ। ਸਰਕਾਰੀ ਟੈਂਕੀ ਤੋਂ ਸਪਲਾਈ ਹੁੰਦੇ ਪਾਣੀ ਤੋਂ ਇਲਾਵਾ ਜ਼ਮੀਨੀ ਪਾਣੀ ਦੇ ਨਮੂਨੇ ਵੀ ਸ਼ੁੱਧਤਾ ਦੇ ਟੈਸਟ ਵਿੱਚ ਫੇਲ੍ਹ ਹੋ ਰਹੇ ਹਨ।ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਹੈ ਕਿ ਬੱਚੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਘਰ-ਘਰ ਸਪਲਾਈ ਕੀਤੇ ਜਾ ਰਹੇ ਪਾਣੀ ਨੂੰ ਪੀਣ ਕਾਰਨ ਬੀਮਾਰ ਹੋਏ ਹਨ।ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਜਾਬ ਦੇ ਹੋਰ ਪਿੰਡਾਂ ਵਾਂਗ ਇੱਥੇ ਵੀ ਪਾਣੀ ਦੀ ਟੈਂਕੀ ਸਥਾਪਤ ਕੀਤੀ ਹੋਈ ਹੈ। ਇਸ ਟੈਂਕੀ ਤੋਂ ਹੀ ਸਾਰੇ ਪਿੰਡ ਨੂੰ ਪਾਣੀ ਸਪਲਾਈ ਹੁੰਦਾ ਹੈ।ਪਿੰਡ ਦੀ ਵਸਨੀਕ ਸੋਮਾ ਰਾਣੀ ਦਾ ਮੁੰਡਾ ਵੀ ਬਿਮਾਰ ਹੋਣ ਕਾਰਨ ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਹੈ।ਉਹ ਕਹਿੰਦੀ ਹੈ, “ਬੱਚਿਆਂ ਸਮੇਤ ਸਾਰੇ ਪਿੰਡ ਵਾਸੀ ਸਰਕਾਰੀ ਟੈਂਕੀ ਦਾ ਪਾਣੀ ਪੀਂਦੇ ਹਨ। ਜਦੋਂ ਇਸ ਟੈਂਕੀ ਦਾ ਪਾਣੀ ਟੂਟੀ ਰਾਹੀਂ ਭਰਦੇ ਸੀ ਤਾਂ ਬਦਬੂ ਆਉਂਦੀ ਸੀ।”ਇਸ ਪਿੰਡ ਦੇ ਵਸਨੀਕ ਸੋਹਣ ਸਿੰਘ ਕਹਿੰਦੇ ਹਨ, “ਸਾਡੇ ਘਰ ਵਿੱਚ ਸਬਮਰਸੀਬਲ ਪੰਪ ਲੱਗਾ ਹੋਇਆ ਹੈ। ਵਾਟਰ ਫਿਲਟਰ ਵੀ ਲੱਗਾ ਹੋਇਆ ਹੈ। ਅਸੀਂ ਤਾਂ ਸਰਕਾਰੀ ਟੈਂਕੀ ਦਾ ਪਾਣੀ ਨਹੀਂ ਵਰਤਦੇ। ਮੇਰੇ ਦੋ ਪੋਤਰੇ ਫਿਰ ਵੀ ਬਿਮਾਰ ਹੋ ਗਏ।”ਉਹ ਕਹਿੰਦੇ ਹਨ, “ਪਿੰਡ ਦਾ ਛੱਪੜ ਸਾਡੇ ਘਰ ਦੇ ਨੇੜੇ ਹੈ। ਛੱਪੜ ਬਹੁਤ ਡੂੰਘਾ ਹੈ। ਹੋ ਸਕਦਾ ਹੈ ਇਸ ਛੱਪੜ ਨੇ ਸਾਡੇ ਇਲਾਕੇ ਦਾ ਜ਼ਮੀਨੀ ਪਾਣੀ ਵੀ ਦੂਸ਼ਿਤ ਕਰ ਦਿੱਤਾ ਹੋਵੇ।”






