ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸਟਾਰਟਅੱਪ ਆਈਡੀਆਜ਼ ਪੇਸ਼
ਫਰੀਦਕੋਟ 28 ਸਤੰਬਰ – ( ਪਰਵਿੰਦਰ ਸਿੰਘ ਕੰਧਾਰੀ ) ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਦੇ ਪ੍ਰਿੰਸੀਪਲ ਡਾ. ਰਾਜੇਸ਼ ਮੋਹਨ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ.ਪੂਜਾ ਭੱਲਾ ਦੀ ਯੋਗ ਅਗਵਾਈ ਹੇਠ ਅਤੇ ਐਂਟਰਪ੍ਰੀਨਿਓਰਸ਼ਿਪ ਮਾਈਂਡਸੈੱਟ ਕੋਰਸ ਦੇ ਮੈਂਟਰ ਡਾ. ਗਗਨਦੀਪ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਮਿਤੀ 27 ਸਤੰਬਰ ਨੂੰ ਆਪਣੇ ਮੌਲਿਕ ਸਟਾਰਟ ਅੱਪ ਆਈਡੀਆਜ਼ ਨੂੰ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਜਰੀਏ ਪੇਸ਼ ਕੀਤਾ ਗਿਆ । ਡਾ ਗਗਨਦੀਪ ਕੌਰ ਨੇ ਦੱਸਿਆ ਕਿ ਪੰਜ ਪੰਜ ਵਿਦਿਆਰਥੀਆਂ ਦੇ ਬਾਰਾਂ ਗਰੁੱਪ ਬਣਾਏ ਗਏ ਅਤੇ ਉਹਨਾਂ ਨੂੰ ਐਂਟਰਪ੍ਰੀਨਿਓਰਸ਼ਿਪ ਬਾਰੇ ਮੁਢਲੀ ਜਾਣਕਾਰੀ ਦੇਣ ਤੋ ਬਾਅਦ ਨਵੇ ਸਟਾਰਟ ਅੱਪ ਆਈਡੀਆਜ਼ ਸੋਚਣ ਬਾਰੇ ਕਿਹਾ ਗਿਆ ।ਸਾਰੇ ਗਰੁੱਪਾ ਨਾਲ ਕਲਾਸ ਵਿੱਚ ਉਹਨਾਂ ਦੇ ਨਵੇਕਲੇ ਬਿਜ਼ਨੈੱਸ ਆਈਡੀਆਜ਼ ਦੀ ਵਪਾਰਕ ਸੰਭਾਵਨਾ ਅਤੇ ਉਪਯੋਗਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਾਰੇ ਸਮੇ ਦੌਰਾਨ ਵਿਦਿਆਰਥੀਆਂ ਦੀ ਰੁਚੀ ਅਤੇ ਗਿਆਨ ਵਿੱਚ ਕਾਫ਼ੀ ਸੁਧਾਰ ਹੋਇਆ । ਵਿਦਿਆਰਥੀਆਂ ਵੱਲੋ ਪੇਸ਼ ਕੀਤੇ ਗਏ ਨਵੇਕਲੇ ਵਪਾਰਕ ਆਈਡੀਆਜ਼ ਵਿੱਚੋ ਨਾਰੀਅਲ ਦੇ ਖੋਲ ਤੋ ਬਣੇ ਕੱਪ, ਫੁੱਲਦਾਨ ਅਤੇ ਹੋਰ ਵਸਤਾਂ, ਇਲੈਕਟ੍ਰਾਨਿਕ ਸਾਈਕਲ ਨੂੰ ਰੈਂਟ ਤੇ ਦੇਣਾ, ਆਰਗੈਨਿਕ ਖੇਤੀ, ਹੋਮਮੇਡ ਹਰਬਲ ਸਾਬਣ , ਘਰ ਦੇ ਬਣੇ ਚਾਕਲੇਟਸ, ਘਰ ਦੀ ਬਣੀ ਖ਼ੁਸ਼ਬੂਦਾਰ ਮੋਮਬੱਤੀ , ਮਨਸੂਈ ਬੁੱਧੀ ਵਰਤ ਕੇ ਤਿਆਰ ਕੀਤੀ ਤਕਨੀਕ ਤੀਵਰ ਅਤੇ ਹੋਮਮੇਡ ਜਵੈਲਰੀ ਆਦਿ ਸ਼ਾਮਿਲ ਸਨ । ਕਾਰਜਕਾਰੀ ਪ੍ਰਿੰਸੀਪਲ ਡਾ ਪੂਜਾ ਭੱਲਾ ਨੇ ਜਿਥੇ ਵਿਦਿਆਰਥੀਆਂ ਅਤੇ ਇੰਚਾਰਜ ਪ੍ਰੋਫੈਸਰ ਗਗਨਦੀਪ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਕਰਨ ਨਾਲ ਵਿਦਿਆਰਥੀਆਂ ਦੀ ਸਖਸ਼ੀਅਤ ਦਾ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਵੈ ਰੋਜ਼ਗਾਰ ਤਾ ਪ੍ਰਾਪਤ ਕਰਨਗੇ ਅਤੇ ਨਾਲ ਹੀ ਹੋਰਾਂ ਲਈ ਵੀ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨਗੇ ।ਉਹਨਾਂ ਨੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਤੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਸਫਲ ਉੱਦਮੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਖ਼ਾਸ ਤੌਰ ਤੇ ਹਾਜ਼ਰ ਸਨ । ਕੁੱਲ ਮਿਲਾ ਕੇ ਇਹ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਿਤ ਹੋਇਆ ।







