ਮਾਨਸਾ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ; ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ, 20 ਅਕਤੂਬਰ 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ ‘ਤੇ ਹਨ।ਮਿਲੀ ਜਾਣਕਾਰੀ ਅਨੁਸਾਰ ਉਹ ਮਾਨਸਾ ਪਹੁੰਚ ਗਏ ਹਨ। ਇੱਥੇ ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਬੁੱਧਵਾਰ ਨੂੰ 12 ਵਜੇ ਤੱਕ ਸੀਬੀਆਈ (CBI) ਦੀ ਇੱਕ ਟੀਮ ਜਾਂਚ ਕਰਨ ਲਈ ਮਾਨਸਾ ਪਹੁੰਚ ਜਾਵੇਗੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ‘ਤੇ ਉਨ੍ਹਾਂ ਨੂੰ ਸ਼ੱਕ ਹੈ, ਉਨ੍ਹਾਂ ਦੀ ਵੀ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਹੁਤ ਜਲਦੀ ਇਸ ਮਾਮਲੇ ਦਾ ਖੁਲਾਸਾ ਹੋਵੇਗਾ।
ਪਰਵਿੰਦਰ ਝੋਟਾ ਦਾ ਪਰਿਵਾਰ ਆਪਣੀਆਂ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਬੈਠਾ ਹੈ। ਅਤੇ ਆਪਣੀਆਂ ਮੰਗਾਂ ‘ਤੇ ਅੜਿਆ ਹੋਇਆ ਹੈ। ਅੱਜ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ (ਐਕਸ) ‘ਤੇ ਪੋਸਟ ਸਾਂਝੀ ਕਰ ਕੇ ਇਕ ਵੱਡਾ ਐਲਾਨ ਕਰਦਿਆਂ ਕਿਹਾ, “ਪਰਿਵਾਰ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ, ਅਸੀਂ ਇਸ ਮਾਮਲੇ ਨੂੰ ਸੀਬੀਆਈ ਨੂੰ ਸੌਂਪ ਰਹੇ ਹਾਂ। ਨਸ਼ਾ ਵੇਚਣ ਵਾਲਿਆਂ ਵਿਰੁੱਧ ਸਾਡੀ ਲੜਾਈ ਕਰੋ ਜਾਂ ਮਰੋ ਦੀ ਹੈ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੋਈ ਵੀ ਸਖ਼ਤ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟਾਂਗੇ।” ਹਾਲਾਂਕਿ, ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਵੀ, ਝੋਟਾ ਦਾ ਪਰਿਵਾਰ ਸੰਤੁਸ਼ਟ ਨਹੀਂ ਹੈ। ਉਸਦੇ ਪਿਤਾ ਭੀਮ ਸਿੰਘ ਨੇ ਕਿਹਾ, “ਅਸੀਂ ਅਜੇ ਅੰਤਿਮ ਸਸਕਾਰ ਨਹੀਂ ਕਰਾਂਗੇ।
ਦੱਸ ਦਈਏ ਕਿ ਅਮਿਤ ਸ਼ਾਹ ਅੱਜ ਮਾਨਸਾ ਤੋਂ ਪਹਿਲਾਂ ਸੰਗਰੂਰ ਪੁੱਜੇ ਸਨ ਜਿਥੇ ਓਹਨਾ ਨੇ ਤੁਰ ਬਨਜਾਰਾ ਵਿਖੇ ਗੁਲਜ਼ਾਰ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ 2-3 ਮਹੀਨਿਆਂ ਵਿੱਚ ਇਨਸਾਫ਼ ਮਿਲਣ ਦਾ ਭਰੋਸਾ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ ਉਹ ਗੁਲਜ਼ਾਰ ਦੇ ਭੋਗ (ਅੰਤਮ ਅਰਦਾਸ) ਵਿੱਚ ਆਉਣਗੇ।ਮਾਨਸਾ ਵਿੱਚ ਝੋਟਾ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਸ਼ਾਮ ਨੂੰ ਉਹ ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਦੁਸਹਿਰੇ ਮੇਲੇ ਵਿੱਚ ਹਿੱਸਾ ਲੈ ਕੇ ਰਾਵਣ ਦਹਿਣ ਕਰਨਗੇ।













