ਚੰਡੀਗੜ੍ਹ, 16 ਅਕਤੂਬਰ:- ਸਾਈਬਰ ਠੱਗਾਂ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਥਲਾਪਤੀ ਦੇ ਨਾਂ ’ਤੇ ਫਰਜ਼ੀ ਫੇਸਬੁੱਕ ਪੇਜ ਬਣਾ ਕੇ ਯਮੁਨਾਨਗਰ ਦੇ ਅਮਾਦਲਪੁਰ ਦੀ ਰਹਿਣ ਵਾਲੀ ਮੋਮੀਨਾ ਨਾਂ ਦੀ ਮਹਿਲਾ ਨਾਲ 7.72 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮੁਲਜ਼ਮਾਂ ਨੇ ਮਕਾਨ ਬਣਾਉਣ ਲਈ ਮਦਦ ਦੇਣ ਦਾ ਭਰੋਸਾ ਦੇ ਕੇ ਰਜਿਸਟਰੀ ਅਤੇ ਹੋਰ ਖਰਚਿਆਂ ਦੇ ਨਾਂ ’ਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਸੰਪਰਕ ਕਰਨਾ ਬੰਦ ਕਰ ਦਿੱਤਾ। ਪੀੜਤਾ ਮੁਤਾਬਕ, ਉਸ ਨੇ ਫੇਸਬੁੱਕ ’ਤੇ ‘ਸੀਐਮ ਵਿਜੇ ਥਲਾਪਤੀ ਫਾਊਂਡੇਸ਼ਨ’ ਦੇ ਨਾਂ ’ਤੇ ਇੱਕ ਪੇਜ ਦੇਖਿਆ ਸੀ। ਇਸ ਪੇਜ ’ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਸੰਸਥਾ ਮੁੱਖ ਮੰਤਰੀ ਦੀ ਹੈ ਅਤੇ ਗ਼ਰੀਬ ਲੋਕਾਂ ਦੀ ਮਦਦ ਕਰਦੀ ਹੈ। ਪੇਜ ’ਤੇ ਸੰਪਰਕ ਲਈ ਇੱਕ ਮੋਬਾਈਲ ਨੰਬਰ ਵੀ ਦਿੱਤਾ ਗਿਆ ਸੀ।ਮੋਮੀਨਾ ਨੇ ਉਕਤ ਨੰਬਰ ’ਤੇ ਸੰਪਰਕ ਕੀਤਾ ਤਾਂ ਉਸ ਦੇ ਵਟਸਐਪ ’ਤੇ ਸੁਨੇਹੇ ਆਉਣ ਲੱਗੇ। ਗੱਲਬਾਤ ਦੌਰਾਨ ਦੂਜੇ ਪਾਸੇ ਮੌਜੂਦ ਵਿਅਕਤੀ ਨੇ ਖ਼ੁਦ ਨੂੰ ਮੁੱਖ ਮੰਤਰੀ ਵਿਜੇ ਥਲਾਪਤੀ ਦੱਸਿਆ। ਮੋਮੀਨਾ ਨੇ ਉਸ ਨੂੰ ਦੱਸਿਆ ਕਿ ਉਸ ਕੋਲ ਆਪਣਾ ਮਕਾਨ ਨਹੀਂ ਹੈ ਅਤੇ ਉਹ ਘਰ ਬਣਾਉਣ ਲਈ ਮਦਦ ਚਾਹੁੰਦੀ ਹੈ। ਮੁਲਜ਼ਮ ਨੇ ਉਸ ਨੂੰ ਕੁਝ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ, ਪਰ ਨਾਲ ਹੀ ਕੁਝ ਰਕਮ ਖ਼ੁਦ ਜਮ੍ਹਾਂ ਕਰਵਾਉਣ ਲਈ ਕਿਹਾ। ਇਸ ਤਰ੍ਹਾਂ ਠੱਗਾਂ ਦੇ ਝਾਂਸੇ ਵਿੱਚ ਆ ਕੇ ਮੋਮੀਨਾ ਅਤੇ ਉਸ ਦੇ ਪਤੀ ਨੇ 12 ਤੋਂ 22 ਅਗਸਤ ਦਰਮਿਆਨ ਵੱਖ-ਵੱਖ ਖਾਤਿਆਂ ਵਿੱਚ ਕੁੱਲ 7 ਲੱਖ 72 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ।
ਪੈਸੇ ਜਮ੍ਹਾਂ ਕਰਵਾਉਣ ਤੋਂ ਬਾਅਦ ਜਦੋਂ ਮੁਲਜ਼ਮਾਂ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਜੋੜੇ ਨੂੰ ਸ਼ੱਕ ਹੋਇਆ। ਜਾਣਕਾਰਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੂੰ ਸਾਈਬਰ ਠੱਗੀ ਦਾ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਸਾਈਬਰ ਥਾਣੇ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਹਿਲਾ ਨਾਲ ਸਾਈਬਰ ਠੱਗੀ ਹੋਈ ਹੈ ਅਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਵਿਜੇ ਦੇ ਨਾਂ ’ਤੇ ਆਉਣ ਵਾਲੇ ਸ਼ੱਕੀ ਲਿੰਕ ਨਾ ਖੋਲ੍ਹਣ ਅਤੇ ਕਿਸੇ ਵੀ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕੀਤੇ ਬਿਨਾਂ ਪੈਸੇ ਨਾ ਭੇਜਣ।













