ਸਾਮਰਾਜੀ ਦੇਸ਼ਾਂ ਦੇ ਮੀਡੀਏ ਅੰਦਰ ਅੱਜ ਕੱਲ ਐਪਸਟੀਨ ਫਾਈਲਾਂ ਦਾ ਖੂਬ ਰੌਲਾ ਪਿਆ ਹੋਇਆ ਹੈ। ਲਾਜ਼ਮੀ ਹੈ ਕਿ ਇਹਨਾਂ ਫਾਈਲਾਂ ਦਾ ਰੌਲਾ ਭਾਰਤ ਵਿੱਚ ਵੀ ਪੈਣਾ ਹੀ ਸੀ ਪਰ ਉਹ ਵੱਖਰੀ ਗੱਲ ਹੈ ਕਿ ਭਾਰਤ ਦੀ ਸਰਕਾਰ ਇਨ੍ਹਾਂ ਫਾਈਲਾਂ ਬਾਰੇ ਚੁੱਪ ਧਾਰੀ ਬੈਠੀ ਹੈ। ਇਹ ਫਾਈਲਾਂ ਵਿੱਚ 21ਵੀਂ ਸਦੀ ਦੇ ਪੂੰਜੀਵਾਦੀ ਪ੍ਰਬੰਧ ਦੇ ਸਭ ਤੋਂ ਗੰਭੀਰ ਅਤੇ ਦਿਲ ਦਹਿਲਾਉਣ ਵਾਲੀਆਂ ਅਪਰਾਧਿਕ ਗਤੀਵਿਧੀਆਂ ਦਾ ਜ਼ਿਕਰ ਹੈ। ਇਸ ਤਰ੍ਹਾਂ ਦੀਆਂ ਘਿਨੌਣੀਆਂ ਘਟਨਾਵਾਂ ਦਾ ਮੁੱਢ ਅੱਜ ਨਹੀਂ ਬਲਕਿ ਬੀਤੇ ਸਮੇਂ ਦਾ ਵੱਜਿਆ ਹੋਇਆ ਹੈ। ਐਪਸਟੀਨ ਫਾਈਲਾਂ ਵਰਗੀਆਂ ਕਹਾਣੀਆਂ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਵਿੱਚ ਆਮ ਹੀ ਵਾਪਰਦੀਆਂ ਸਨ।
ਇਤਿਹਾਸ ਵੀ ਇੰਝ ਪੜ੍ਹਾਇਆ ਜਾਂਦਾ ਹੈ ਜਿਵੇਂ ਰਜਵਾੜਾ ਸ਼ਾਹੀ ਪ੍ਰਣਾਲੀਆਂ ਦੇ ਖਤਮ ਹੋਣ ਤੋਂ ਬਾਅਦ ਮਨੁੱਖੀ ਸਮਾਜ ਤਰੱਕੀ ਦੇ ਇੱਕ ਉੱਚੇ ਦਰਜੇ ਚ ਦਾਖਲ ਹੋ ਗਿਆ ਹੋਵੇ। ਪ੍ਰਚਾਰਿਆ ਇਹ ਵੀ ਜਾਂਦਾ ਹੈ ਕਿ ਹੁਣ ਅਸੀਂ ਲੋਕਤੰਤਰ ਯੁਗ ਵਿੱਚ ਜਿਉਂ ਰਹੇ ਹਾਂ ਜਿੱਥੇ ਕਾਨੂੰਨ ਸਭ ਲਈ ਇੱਕੋ ਜਿਹਾ ਹੈ ਜਿੱਥੇ ਤਾਕਤ ਰਾਜਿਆਂ ਦੀ ਨਹੀਂ ਸਗੋਂ ਸੰਵਿਧਾਨ ਦੇ ਹੱਥ ਵਿੱਚ ਹੈ ਪਰ ਜਦੋਂ ਅਸੀਂ ਇਤਿਹਾਸ ਦੀ ਸਤਾ ਹੇਠਾਂ ਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸੱਤਾ ਦੇ ਰੂਪ ਬਦਲੇ ਹਨ ਸੱਤਾ ਦੀ ਸੋਚ ਨਹੀਂ।ਰਜਵਾੜਿਆਂ ਦੇ ਦੌਰ ਵਿੱਚ ਤਾਕਤ ਰਾਜੇ ਦੇ ਹੱਥ ਵਿੱਚ ਹੁੰਦੀ ਸੀ। ਉਸ ਦੇ ਦਰਬਾਰ ਇਕੱਲੇ ਸ਼ਾਸਨ ਲਈ ਨਹੀਂ ਸਗੋਂ ਰਾਜਨੀਤਿਕ ਸੌਦੇਬਾਜ਼ੀ ਵਪਾਰਕ ਗੱਠਜੋੜ ਅਤੇ ਸਾਮਰਾਜੀ ਸਮਝੌਤਿਆਂ ਦੇ ਮੈਦਾਨ ਹੁੰਦੇ ਸਨ। ਇਹਨਾਂ ਦਰਬਾਰਾਂ ਵਿੱਚੋਂ ਔਰਤਾਂ ਭਾਵ ਗੁਲਾਮ ਜਾਂ ਰਾਜਕੁਮਾਰੀਆਂ ਨੂੰ ਰਾਜਨੀਤਿਕ ਵਪਾਰ ਦੇ ਲਾਭ ਲਈ ਪੇਸ਼ ਕੀਤਾ ਜਾਂਦਾ ਸੀ ਔਰਤ ਦਾ ਜਿਸਮ ਇਨਸਾਨੀ ਹੋਂਦ ਦੀ ਨਹੀਂ ਸਗੋਂ ਤਾਕਤ ਦੀ ਮੁਦਰਾ ਸੀ। ਜਦੋਂ ਬਸਤੀਵਾਦੀ ਦੌਰ ਆਇਆ ਅਤੇ ਈਸਟ ਇੰਡੀਆ ਵਰਗੀਆਂ ਕਾਰਪੋਰੇਟ ਤਾਕਤਾਂ ਨੇ ਰਾਜਿਆਂ ਦੀ ਜਗ੍ਹਾ ਲੈਣੀ ਸ਼ੁਰੂ ਕਰ ਦਿੱਤੀ ਤਾਂ ਮਹਿਸੂਸ ਹੋਇਆ ਜਿਵੇਂ ਇਸ ਸ਼ਾਹੀ ਪ੍ਰਣਾਲੀ ਤੋਂ ਖਹਿੜਾ ਛੁੱਟ ਗਿਆ ਹੋਵੇ ਪਰ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਰਜਵਾੜਾ ਸ਼ਾਹੀ ਟੁੱਟਣ ਨਾਲ ਕਾਰਪੋਰੇਟ ਆ ਗਏ। ਸੌਦੇਬਾਜ਼ੀ ਦੇ ਢੰਗ ਪਹਿਲਾਂ ਨਾਲੋਂ ਆਧੁਨਿਕ ਹੋ ਗਏ। ਤਾਕਤ ਦੇ ਕੇਂਦਰ ਬਦਲੇ ਪਰ ਤਾਕਤ ਦੇ ਹਥਿਆਰ ਨਹੀਂ ਬਦਲੇ।
ਦਰਬਾਰੀ ਨਿਜ਼ਾਮ ਖਤਮ ਕਰਕੇ ਪ੍ਰਾਈਵੇਟ ਆਈਲੈਂਡ ਬਣਾ ਲਏ ਹਨ। ਇੱਥੇ ਰਾਜੇ ਮਹਾਰਾਜੇ ਨਹੀਂ ਪਰ ਇਹਨਾਂ ਦੇ ਨਵੇਂ ਰੂਪ ਭਾਵ ਰਾਸ਼ਟਰਪਤੀ,ਪ੍ਰਧਾਨ ਮੰਤਰੀ, ਵੱਡੇ ਵਪਾਰੀ ਅਤੇ ਸੀਈਓ ਪਾਏ ਜਾਂਦੇ ਹਨ। ਕੁਝ ਸਾਲ ਪਹਿਲਾਂ ਇੱਕ ਵਿਵਾਦਤ ਫਾਈਲ ਸਾਹਮਣੇ ਆਈ ਸੀ ਪਰ ਵੱਡੇ ਵੱਡੇ ਨੇਤਾਵਾਂ ਦੇ ਦਬਾਅ ਨਾਲ ਮਸਲਾ ਦਬਾ ਦਿੱਤਾ ਗਿਆ ਪਰ ਕੁਝ ਦਿਨ ਪਹਿਲਾਂ ਉਹੀ ਮੁੱਦਾ ਫਿਰ ਗਰਮਾਇਆ ਹੋਇਆ ਹੈ ਜਿਸ ਨੇ ਪੂਰੀ ਦੁਨੀਆਂ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਜਿਸ ਨੂੰ ਐਪਸਟੀਨ ਫਾਈਲਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਪਸਟੀਨ ਫਾਈਲਾਂ ਦਰਸਾਉਂਦੀਆਂ ਹਨ ਕਿ ਕਿਵੇਂ ਰਜਵਾੜਿਆਂ ਦੇ ਦਰਬਾਰਾਂ ਤੋਂ ਚੱਲ ਕੇ ਅੱਜ ਦੇ ਗਲੋਬਲ ਸਾਮਰਾਜੀ ਢਾਂਚੇ ਤੱਕ ਪਹੁੰਚ ਚੁੱਕੀ ਹੈ। ਐਫਸਟੀਨ ਵਰਗੇ ਘਾਤਕ ਕਿਰਦਾਰ ਸਾਬਤ ਕਰਦੇ ਹਨ ਕਿ ਤਾਕਤਵਰ ਵਰਗ ਆਪਣੇ ਰਾਜਨੀਤਿਕ, ਆਰਥਿਕ ਅਤੇ ਸਾਮਰਾਜੀ ਹਿੱਤਾਂ ਲਈ ਔਰਤ ਅਤੇ ਉਸਦੇ ਜਿਸਮ ਨੂੰ ਸੌਦੇਬਾਜ਼ੀ ਦੇ ਸਾਧਨ ਵਜੋਂ ਵਰਤਦਾ ਹੈ। ਅੱਜ ਦੇ ਸਮੇਂ ਵਿੱਚ ਇਹ ਲਾਈਫ ਸਟਾਈਲ ਦੇ ਮਖੌਟੇ ਹੇਠਾਂ ਕੀਤਾ ਜਾਂਦਾ ਹੈ।
ਕੌਣ ਸੀ ਐਪਸਟੀਨ?ਉਸ ਦਾ ਪੂਰਾ ਨਾਮ ਜੈਫਰੀ ਐਪਸਟੀਨ ਸੀ ਜੋ ਅਮਰੀਕਾ ਦਾ ਰਹਿਣ ਵਾਲਾ ਸੀ ਉਹ ਸੈਕਸ ਟਰੈਫਿਕਿੰਗ ਦਾ ਵੱਡਾ ਨੈਟਵਰਕ ਚਲਾਉਂਦਾ ਸੀ ਜੋ ਅੱਜ ਦੇ ਸਮੇਂ ਵਿੱਚ ਤਾਕਤ ਪੂੰਜੀ ਅਤੇ ਸ਼ੋਸ਼ਣ ਦੇ ਗੱਠਜੋੜ ਦੀ ਨੰਗੀ ਮਿਸਾਲ ਬਣ ਕੇ ਸਾਹਮਣੇ ਆਇਆ। ਉਹ ਅਮੀਰ ਤਾਕਤਵਰ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਾਉਂਦਾ ਸੀ ਭਾਵ ਨਬਾਲਗ ਕੁੜੀਆਂ ਉਹਨਾਂ ਦੇ ਮਨੋਰੰਜਨ ਲਈ ਪੇਸ਼ ਕਰਦਾ ਸੀ। ਪੂਰੀ ਦੁਨੀਆਂ ਤੋਂ ਵੱਖਰੀ ਅਤੇ ਅਜੀਬ ਤਰ੍ਹਾਂ ਦੀ ਦੁਨੀਆਂ ਉਸਨੇ ਆਪਣੇ ਪ੍ਰਾਈਵੇਟ ਆਈਲੈਂਡ ਤੇ ਵਸਾਈ ਹੋਈ ਸੀ। ਜਿੱਥੇ ਇਹ ਸਾਰੇ ਤਾਕਤਵਰ ਅਮੀਰ ਲੋਕ ਬਿਜਨਸ ਸੰਧੀਆਂ ਅਤੇ ਅਯਾਸ਼ੀਆਂ ਕਰਦੇ ਸਨ। ਉਸਦੀ ਨੇੜਤਾ ਵੱਡੇ ਵੱਡੇ ਰਾਜਨੇਤਾਵਾਂ ਨਾਲ ਸੀ ਜਿਵੇਂ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ ਅਤੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ, ਵੱਡੇ ਧਨਾਢ ਬਿੱਲ ਗੇਟਸ, ਬ੍ਰਿਟੇਨ ਦਾ ਸ਼ਾਹੀ ਘਰਾਣਾ ਪ੍ਰਿੰਸ ਐਂਡਰਿਊ ਅਤੇ ਬਾਕੀ ਦੇਸ਼ਾਂ ਦੇ ਪੂੰਜੀਪਤੀ ਅਤੇ ਨੇਤਾ ਉਸ ਦੇ ਸੰਪਰਕ ਵਿੱਚ ਸਨ। ਜਦੋਂ ਉਸ ਕੋਲ ਹਰ ਇਕ ਧਨਾਢ ਦੇ ਰਾਜ ਜਮ੍ਹਾ ਹੋ ਗਏ ਤਦ ਉਹ ਸਭ ਲਈ ਖਤਰਾ ਬਣ ਗਿਆ ਤਦ ਉਸ ਨੂੰ ਸੈਕਸ ਟਰੈਫਿਕਿੰਗ ਦੇ ਕੇਸ ਵਿੱਚ ਜੇਲ ਵਿੱਚ ਸੁੱਟਿਆ ਗਿਆ ਤੇ 2019 ਵਿੱਚ ਉਸ ਦੀ ਮੌਤ ਹੋ ਗਈ ਜਿਸ ਨੂੰ ਕਿ ਆਤਮ ਹੱਤਿਆ ਦਾ ਨਾਮ ਦਿੱਤਾ ਗਿਆ। ਮੰਨਿਆ ਇਹ ਜਾਂਦਾ ਹੈ ਕਿ ਉਸ ਦਾ ਕਤਲ ਹੋਇਆ ਸੀ। ਜੈਫਰੀ ਐਪਸਟੀਨ ਦੇ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਸੱਚ ਲੁਕੇ ਨਹੀਂ ਰਹੇ ਸਗੋਂ ਹੋਰ ਉੱਭਰ ਕੇ ਸਾਹਮਣੇ ਆ ਰਹੇ ਹਨ।
ਜਿੱਥੇ ਐਪਸਟੀਨ ਫਾਈਲਾਂ ਤੋਂ ਦੂਜੇ ਦੇਸ਼ਾਂ ਦੇ ਅਰਬਪਤੀ ਧਨਾਢ ਨਹੀਂ ਬਚ ਸਕੇ ਉੱਥੇ ਨਾਲ ਹੀ ਸਾਡੇ ਮੁਲਕ ਭਾਰਤ ਦੇ ਲੀਡਰ ਅਤੇ ਪੂੰਜੀਪਤੀ ਵੀ ਬਚ ਨਹੀਂ ਸਕੇ ਜਿਨਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਪਾਰਟੀ ਦੇ ਤਤਕਾਲੀ ਮੰਤਰੀ ਹਰਦੀਪ ਪੁਰੀ ਅਤੇ ਪੂੰਜੀਪਤੀ ਅਨਿਲ ਅੰਬਾਨੀ ਦਾ ਨਾਮ ਵੀ ਸ਼ਾਮਿਲ ਹੈ। ਜੇਕਰ ਐਪਸਟੀਨ ਦਾ ਨੈੱਟਵਰਕ ਪੂਰੀ ਤਰ੍ਹਾਂ ਸਮਾਜ ਸਾਹਮਣੇ ਨਸ਼ਰ ਹੋ ਜਾਵੇ ਤਾਂ ਵਿਸ਼ਵ ਪੱਧਰ ਤੇ ਤਹਿਲਕਾ ਮਚਾ ਦੇਵੇਗਾ। ਪੂੰਜੀਪਤੀ ਸਿਆਸੀ ਗੱਠਜੋੜ ਦੀ ਤਸਵੀਰ ਬੇਨਕਾਬ ਹੋ ਜਾਵੇਗੀ। ਐਪਸਟੀਨ ਫਾਈਲਾਂ ਪੂੰਜੀਵਾਦ ਦੇ ਨਿਜ਼ਾਮ ਦਾ ਉਹ ਕਰੂੜ ਸ਼ੀਸ਼ਾ ਹੈ ਜੋ ਇਸਦੀ ਹੈਵਾਨੀਅਤ ਨੂੰ ਦਿਖਾਉਂਦਾ ਹੈ। ਇੱਥੇ ਫਰਕ ਸਿਰਫ਼ ਇਹ ਹੈ ਕਿ ਪਹਿਲਾਂ ਇਹ ਖੁੱਲ੍ਹਾ ਜੁਲਮ ਸੀ, ਅੱਜ ਇਹ ਕਾਨੂੰਨੀ, ਗਲੈਮਰਾਈਜ਼ਡ ਅਤੇ ਮੀਡੀਆ ਦੁਆਰਾ ਢੱਕਿਆ ਹੋਇਆ ਹੈ।ਐਪਸਟੀਨ ਫਾਈਲਾਂ ਸਾਨੂੰ ਇਹ ਨਹੀਂ ਦੱਸਦੀਆਂ ਕਿ ਦੁਨੀਆ ਖ਼ਰਾਬ ਹੈ ਬਲਕਿ ਇਹ ਦੱਸਦੀਆਂ ਹਨ ਕਿ ਨਿਜ਼ਾਮ ਹੀ ਖ਼ਰਾਬ ਹੈ। ਜਦ ਤੱਕ ਪੂੰਜੀ ਸੱਤਾ ਦਾ ਸਰੋਤ ਰਹੇਗੀ, ਤਦ ਤੱਕ ਐਪਸਟੀਨ ਮਰਦੇ ਰਹਿਣਗੇ ਅਤੇ ਨਵੇਂ ਐਪਸਟੀਨ ਪੈਦਾ ਹੁੰਦੇ ਰਹਿਣਗੇ। ਪੂੰਜੀਵਾਦ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਉਹ ਹਰ ਚੀਜ਼ ਨੂੰ ਵਸਤੂ (Commodity) ਬਣਾ ਦਿੰਦਾ ਹੈ ਜਿਵੇਂ ਮਜ਼ਦੂਰ ਦੀ ਮਿਹਨਤ, ਕੁਦਰਤ ਦੇ ਸਰੋਤ ਅਤੇ ਔਰਤ ਦਾ ਸਰੀਰ। ਐਪਸਟੀਨ ਮਾਮਲੇ ਤੋਂ ਬਾਅਦ ਕਾਨੂੰਨ ਸਖ਼ਤ ਹੋ ਸਕਦੇ ਹਨ ਤੇ ਕੁਝ ਚਿਹਰਿਆਂ ਦੀ ਵੀ ਬਲੀ ਦਿੱਤੀ ਜਾਵੇਗੀ ਪਰ ਨਿਜ਼ਾਮ ਜਿਉਂ ਦਾ ਤਿਉਂ ਰਹੇਗਾ। ਵਿਗਿਆਨਿਕ ਵਿਚਾਰਧਾਰਾ ਸਾਨੂੰ ਦੱਸਦੀ ਹੈ ਕਿ ਪੂੰਜੀਵਾਦ ਨੂੰ ਸੁਧਾਰਿਆ ਨਹੀਂ ਜਾ ਸਕਦਾ, ਉਸਨੂੰ ਉਲਟਾਇਆ ਹੀ ਜਾ ਸਕਦਾ ਹੈ।
ਮੰਟੋ ਦੇ ਕਥਨ ਮੁਤਾਬਿਕ “ਤੁਸੀਂ ਸ਼ਹਿਰ ਦੀਆਂ ਸੜਕਾਂ ‘ਤੇ ਦੌੜਦੀਆਂ ਸ਼ਾਨਦਾਰ ਗੱਡੀਆਂ ਨੂੰ ਬੜੀ ਖੁਸ਼ੀ ਨਾਲ ਦੇਖਦੇ ਹੋ,ਪਰ ਜਿਵੇਂ ਹੀ ਕੂੜਾ ਚੁੱਕਣ ਵਾਲੀ ਗੱਡੀ ਨਜ਼ਰ ਆਉਂਦੀ ਹੈ, ਤੁਸੀਂ ਤੁਰੰਤ ਨੱਕ ‘ਤੇ ਰੁਮਾਲ ਰੱਖ ਲੈਂਦੇ ਹੋ। ਸਵਾਲ ਇਹ ਨਹੀਂ ਕਿ ਕੂੜੇ ਤੋਂ ਨੱਕ ਕਿਉਂ ਨਾ ਢੱਕੀਏ, ਸਵਾਲ ਇਹ ਹੈ ਕਿ ਕੂੜਾ ਪੈਦਾ ਕਰਨ ਵਾਲੀ ਫੈਕਟਰੀ ਕਦੋਂ ਬੰਦ ਕਰਨੀ ਹੈ।






